Skip to main content

ਹਾਇੰਸ ਕਾਹਲਾਉ - ਸੱਤ ਜਰਮਨ ਕਵਿਤਾਵਾਂ ( ਆਰਸੀ ਬਲਾਗ ਤੋਂ ਧੰਨਵਾਦ ਸਹਿਤ )

1) ਕੇਂਦਰ ਬਿੰਦੂ
ਨਜ਼ਮ
ਜਦੋਂ ਉਹ ਇਕ ਦੂਜੇ ਤੋਂ ਵਿਛੜਨ ਲੱਗੇ
ਤਾਂ ਉਹਨੇ, ਉਸਨੂੰ ਕਿਹਾ:
ਚੰਦ ਵਲ ਵੇਖ ਰਿਹਾ ਏਂ ’ਨਾ?
ਬਿਲਕੁਲ ਸਫ਼ੈਦ ਤੇ ਉੱਪਰ ਖੜੋਤਾ?
ਆਪਣੀ ਵਾਪਸੀ ਦੀ ਉਡੀਕ ’ਚ
ਜਿੱਥੇ ਤੂੰ ਵੀ ਹੈਂ
ਤੈਨੂੰ ਚਾਹੀਦੈ, ਉਹਦੇ ਵਿਚ
ਕਿਸੇ ਸ਼ੀਸ਼ੇ ਵਾਂਗ ਝਾਕਣਾ।
’ਤੇ ਕਦੇ ਅਗਲੀ ਵਾਰ
ਜਦੋਂ ਮੈਂ ਇਕੱਲ ਮਹਿਸੂਸ ਕਰਾਂਗੀ
ਉਦੋਂ ਤੇਰੇ ਵਾਂਗ ਚਾਹਵਾਂਗੀ
ਅਕਸਰ ਉਹਦੀ ਚਾਨਣੀ ਵਿਚ ਝਾਕਣਾ
ਉਹ ਸ਼ੀਸ਼ਾ ਹੋਣਾ ਚਾਹੀਦਾ ਹੈ
ਸਾਡੀ ਮੁਹੱਬਤ ਦਾ
ਅਤੇ ਉਸਦੇ ਰਾਹੀਂ ਆਪਾਂ
ਪਹਿਚਾਣ ਨੂੰ ਲੱਭਣ ਦਾ ਰਾਹ ਬਣਾਵਾਂਗੇ।
.........
ਉਹ ਥੋੜ੍ਹਾ ਜਿਹਾ ਝੁਕਿਆ
ਉਹਨੂੰ ਚੁੰਮਿਆ ਤੇ ਚੁੱਪ ਰਿਹਾ
ਜਹਾਜ਼ ਵਲ ਜਾਂਦਾ ਰਾਹ
ਉਹਦੇ ਵਾਸਤੇ ਬਹੁਤ ਔਖਾ ਸੀ
ਉਹ ਇਹ ਨਹੀਂ ਸੀ ਜਾਣਦੀ
ਕਿ ਜਿੱਥੇ ਉਹ ਵਸਣ ਜਾ ਰਿਹਾ ਹੈ
ਚੰਦਰਮਾ ਉੱਥੇ ਵੀ ਚਮਕਦਾ ਹੈ
ਪਰ, ਕਿਸੇ ਹੋਰ ਸਮੇਂ ।
=====
2) ਬਿਨ ਅੰਤਰ ਦ੍ਰਿਸ਼ਟੀ
ਨਜ਼ਮ
ਤੂੰ ਜਾਣਨਾ ਚਾਹੁੰਦਾ ਏਂ
ਕਿ ਮੇਰੀ ਕਵਿਤਾ ਦੀਆਂ ਸਤਰਾਂ
ਅਕਸਰ ਉਦਾਸ ਕਿਉਂ ਹਨ?
ਮੈਂ ਇਨਸਾਨਾਂ ਨੂੰ ਮੋਹ ਕਰਦੀ ਹਾਂ
ਉਨ੍ਹਾਂ ਨੂੰ ਵੀ ਜਿਹੜੇ ਨਿਮਾਣੇ ਹਨ
ਉਨ੍ਹਾਂ ਨੂੰ ਵੀ ਜਿਹੜੇ ਛੋਟੇ ਹਨ
ਸਗੋਂ ਜਿਹੜੇ ਬੁਰੇ ਵੀ ਹਨ
ਮੇਰੀ ਕਮਜ਼ੋਰੀ
ਦੋਸਤੀ ਹੈ।
=====
3) ਖ਼ੁਸ਼ ਅਤੇ ਉਦਾਸ
ਨਜ਼ਮ
ਖ਼ੁਸ਼ ਅਤੇ ਉਦਾਸ ਹਾਂ ਮੈਂ
ਕਿਉਂਕਿ ਮੈਂ ਮਹਿਸੂਸ ਕਰਦਾ ਹਾਂ
ਜਦੋਂ ਮੈਂ ਮਹਿਸੂਸ ਕਰਦਾ ਹਾਂ, ਤਾਂ ਜਾਣਦਾਂ
ਕਿ ਮੈਂ ਜਿਉਂ ਰਿਹਾਂ।
ਖ਼ੁਸ਼ ਅਤੇ ਉਦਾਸ
ਸਾਨੂੰ ਦੂਸਰੇ ਹੀ ਕਰਦੇ ਹਨ
ਜਿਵੇਂ ਅਸੀਂ ਉਨ੍ਹਾਂ ਨੂੰ
ਖ਼ੁਸ਼ ਅਤੇ ਉਦਾਸ ਕਰਦੇ ਹਾਂ।
ਤੇਰੇ ਕਰਕੇ ਮੈਂ ਮਹਿਸੂਸ ਕਰਦਾ ਹਾਂ
ਕਿਵੇਂ ਭਰਪੂਰ ਜਿਉਂ ਰਿਹਾ ਹਾਂ
ਇਸ ਕਰਕੇ ਤੈਨੂੰ ਮੁਹੱਬਤ ਕਰਦਾ ਹਾਂ
ਖ਼ੁਸ਼ੀ ਅਤੇ ਉਦਾਸੀ ਵਿਚ।
======
4) ਦਿਨ ਦੀ ਸ਼ੁਰੂਆਤ
ਨਜ਼ਮ
ਉਂਜ ਤਾਂ ਕਾਫੀ ਚੋਹਲ-ਮੋਹਲ ਹੈ
ਸਾਡੇ ਦਰਮਿਆਨ
ਮੈਂ ਤੇਰਾ ਗਲਾਸ ਭਰਦਾ ਹਾਂ
ਤੂੰ ਮੇਰੇ ਤੌਲੀਏ ਨੂੰ ਗਰਮਾਉਂਦੀ ਹੈਂ
ਮੈਂ ਤੇਰੇ ਵਾਸਤੇ ਡਬਲ ਰੋਟੀ ਕੱਟਦਾ ਹਾਂ
ਤੂੰ ਮੇਰੀਆਂ ਐਨਕਾਂ ਢੂੰਡਦੀ ਐਂ
ਇਸ ਤਰ੍ਹਾਂ ਅਸੀਂ
ਇਕ ਦੂਜੇ ਨੂੰ ਜਗਾਉਂਦੇ ਹਾਂ
ਇਸ ਤੋਂ ਪਹਿਲਾਂ ਕਿ ਅਸੀਂ
ਕੰਮ ‘ਤੇ ਜਾਈਏ।
=====
5) ਇਸ ਕਰਕੇ ?
ਨਜ਼ਮ
ਅਸੀਂ ਸਾਰੇ ਹੀ
ਇਨਸਾਨਾਂ ਨੂੰ ਢੂੰਡਦੇ ਹਾਂ
ਜਿਹੜੇ ਸਾਡੀ ਜ਼ਿੰਦਗੀ ਨੂੰ
ਮਕਸਦ ਵਲ ਤੋਰਨ
ਤੇਰਾ ਭਾਵ ਹੈ
ਤੈਨੂੰ, ਉਹ ਮੇਰੇ ਵਿਚੋਂ ਲੱਭ ਪਿਆ
ਅਤੇ ਮੈਨੂੰ ਚਾਹੀਦਾ ਹੈ
ਮੈਂ, ਆਪਣੀ ਭਾਲ਼ ਛੱਡ ਦਿਆਂ
ਇਸ ਕਰਕੇ?
=====
6) ਰਿਸ਼ਤੇ
ਨਜ਼ਮ
ਉਹ ਰਿਸ਼ਤੇ
ਜਿਨ੍ਹਾਂ ਦੇ ਰਾਹੀਂ
ਤੂੰ ਆਪਣੇ ਬਾਰੇ
ਕੁਝ ਵੀ ਨਵਾਂ ਨਾ ਜਾਣ ਸਕੇਂ
ਉਹ ਰਿਸ਼ਤੇ
ਜਿਹੜੇ ਤੈਨੂੰ ਛੋਟਾ ਕਰਦੇ ਹੋਣ
ਤੇਰੇ ਦੋਸਤਾਂ ਵਜੋਂ
ਤੇਰੇ ਜਾਣੂੰ ਹੋਣ
ਉਹ ਰਿਸ਼ਤੇ
ਜਿਨ੍ਹਾ ਦੇ ਵਾਸਤੇ
ਸਿਰ ਝੁਕਾਉਣਾ ਪਵੇ
ਜ਼ਰੂਰੀ ਗੋਡੇ ਟੇਕਣੇ ਪੈਣ
ਸਿਰਫ਼ ਖੜ੍ਹੇ ਰਹਿਣ ਵਾਸਤੇ
ਉਨ੍ਹਾਂ ਰਿਸ਼ਤਿਆਂ ਨੂੰ
ਹਰ ਹੀਲੇ
ਬਦਲ ਦੇ
ਜਾਂ
ਉਨ੍ਹਾਂ ਨੂੰ ਛੱਡ ਦੇ।
=====
7) ਯਾਦ ਨਾ ਕਰੀਂ
ਨਜ਼ਮ
ਤੈਨੂੰ ਕੋਈ ਲੋੜ ਨਹੀਂ ਸੀ ਮੈਨੂੰ ਚੇਤੇ ਕਰਨ ਦੀ
ਪਿਛਲੇ ਸਾਲ ਦੇ ਇਸੇ ਦਿਨ ਵਾਸਤੇ
ਬਿਲਕੁਲ ਨਹੀਂ,
ਉਹ ਵੀ ਉਂਜ ਹੀ ਸੀ , ਲੱਗਭਗ ਅੱਜ ਵਾਂਗ
ਉਹ ਹੀ ਸੜਕਾਂ ਅਤੇ ਅਜਿਹਾ ਹੀ ਮੌਸਮ
ਤੈਨੂੰ ਕੋਈ ਲੋੜ ਨਹੀਂ ਸੀ ਮੈਨੂੰ ਚੇਤੇ ਕਰਨ ਦੀ
ਪਿਛਲੇ ਸਾਲ ਦੇ ਝੂਠ ਵਾਸਤੇ
ਬਿਲਕੁਲ ਨਹੀਂ
ਤੂੰ ਵੀ ਉਹਨੂੰ ਭੁਲਾ ਚੁੱਕਾਂ, ਮੈਂ ਵੀ ਉਹਨੂੰ ਭੁਲਾ ਦਿੱਤਾ ਹੈ।
ਪੰਜਾਬੀ ਅਨੁਵਾਦ - ਕੇਹਰ ਸ਼ਰੀਫ਼

( ਧੰਨਵਾਦ ਤਨਦੀਪ ਤਮੰਨਾ ਤੇ ਆਰਸੀ ਪਰਿਵਾਰ )

Comments

Popular posts from this blog

Persian Poetry in Punjabi Sabir Haka

ਸ਼ਬੀਰ ਹਕਾ (੧੯੮੬-) ਦਾ ਜਨਮ ਕਰਮਾਨਸ਼ਾਹ (ਇਰਾਨ) ਵਿੱਚ ਹੋਇਆ । ਉਹ ਅੱਜ ਦੇ ਸਮੇਂ ਦਾ ਫਾਰਸੀ ਬੋਲੀ ਦਾ ਸ਼ਾਇਰ ਹੈ ਜਿਹੜਾ ਉਸਰ ਰਹੀਆਂ ਇਮਾਰਤਾਂ ਵਾਲੀਆਂ ਥਾਵਾਂ 'ਤੇ ਮਜ਼ਦੂਰੀ ਕਰਦਾ ਹੈ। ਉਹਦੀਆਂ ਕਵਿਤਾਵਾਂ 'ਮਾਡਰਨ ਪੋਇਟਰੀ ਇਨ ਟਰਾਂਸਲੇਸ਼ਨ' (ਜਨਵਰੀ ੨੦੧੫) ਵਚਿ ਛਪੀਆਂ ਸਨ। ਫਾਰਸੀ ਤੋਂ ਇਨ੍ਹਾਂ ਕਵਿਤਾਵਾਂ ਦਾ ਅੰਗਰੇਜ਼ੀ ਅਨੁਵਾਦ ਨਸਰੀਨ ਪਰਵਾਜ਼ ਅਤੇ ਹਿਊਬਰਟ ਮੂਰ ਨੇ ਕੀਤਾ ਸੀ। ਗੀਤ ਚਤੁਰਵੇਦੀ ਨੇ ਇਨ੍ਹਾਂ ਦਾ ਹਿੰਦੀ ਅਨੁਵਾਦ ਕੀਤਾ ਅਤੇ ਕੁਲਦੀਪ ਕੌਰ ਨੇ ਇਨ੍ਹਾਂ ਨੂੰ ਪੰਜਾਬੀ ਰੂਪ ਦਿੱਤਾ । ਇਨ੍ਹਾਂ ਕਵਿਤਾਵਾਂ ਦੀ ਬੋਲੀ ਸਾਦੀ ਹੈ ਪਰ ਭਾਵ ਡੂੰਘੇ  ਹਨ । 1. ਸ਼ਹਿਤੂਤ ਤੁਸੀਂ ਕਦੇ ਸ਼ਹਿਤੂਤ ਦੇਖਿਆ ਹੈ? ਜਿਥੇ ਇਹ ਡਿਗਦਾ ਹੈ, ਓਨੀ ਜ਼ਮੀਨ 'ਤੇ ਲਾਲ ਰੰਗ ਦਾ ਧੱਬਾ ਪੈ ਜਾਂਦਾ ਹੈ। ਡਿੱਗਣ ਤੋਂ ਵੱਧ ਦੁਖਦਾਈ ਕੁਝ ਵੀ ਨਹੀਂ, ਮੈਂ ਦੇਖਿਆ ਹੈ ਕਿੰਨੇ ਮਜ਼ਦੂਰਾਂ ਨੂੰ ਇਮਾਰਤਾਂ ਤੋਂ ਡਿਗਦੇ ਹੋਏ ਡਿਗ ਕੇ ਸ਼ਹਿਤੂਤ ਬਣਦੇ ਹੋਏ। 2. ਰੱਬ ਰੱਬ ਵੀ ਮਜ਼ਦੂਰ ਹੈ ਉਹ ਵੀ ਜ਼ਰੂਰ ਵੈਲਡਰਾਂ ਦਾ ਵੀ ਵੈਲਡਰ ਹੋਣਾਂ! ਆਥਣ ਦੇ ਚਾਨਣ ਵਿਚ ਉਹਦੀਆਂ ਅੱਖਾਂ ਅੰਗਾਰਿਆਂ ਵਾਂਗ ਲਾਲ ਹੁੰਦੀਆਂ ਨੇ। ਰਾਤ ਨੂੰ ਉਹਦੇ ਝੱਗੇ ਵਿਚ ਹੁੰਦੀਆਂ ਨੇ ਮੋਰੀਆਂ ਹੀ ਮੋਰੀਆਂ । 3. ਬੰਦੂਕ ਜੇ ਉਨ੍ਹਾਂ ਬੰਦੂਕ ਦੀ ਖੋਜ ਨਾ ਕੀਤੀ ਹੁੰਦੀ ਤਾਂ ਬਥੇਰੇ ਲੋਕਾਂ ਨੇ ਦੂਰੋਂ ਹੀ ਮਾਰੇ ਜਾਣ ਤੋਂ ਬਚ ਜਾਣਾ ਸੀ। ਬਹੁਤ ਕੁਝ ਆਸਾਨ ਹੋ ਜਾਂ...

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ ( ੧)

ਪਿਆਰੇ ਬਾਈ...  ਮੈਂ ਜਵੀਲੋ ਦੇ ਸਫ਼ਰ ਦੀਆਂ ਗੱਲਾਂ ਤੈਨੂੰ ਦੱਸਣਾ ਚਾਹੁੰਦਾ, ਇਹ ਓਹੀ ਪਿੰਡ ਹੈ ਜਿੱਥੇ ਲਾਇਬਰਮੈਨ   ਲੰਬੇ ਸਮੇਂ ਤਕ ਆਪਣੀ ਆਖਰੀ ਪ੍ਰਦਰਸ਼ਨੀ ਲਈ ਤਸਵੀਰ ਦੇ ਚਿੰਤਨ ਲਈ ਰੁਕਿਆ - ਓਹੀ ਤਸਵੀਰ ਜਿਸ  ਵਿਚ ਧੋਬਣਾ ਨੇ। ਓਹ ਜਗ੍ਹਾ ਜਿੱਥੇ ਟਰਮਿਉਲ   ਅਤੇ ਜੁਯਲੁਸ ਬਾਖਯੁਜ਼ੇਨ ਨੇ ਕੁਝ ਸਮਾਂ ਲੰਘਾਇਆ। ਕਲਪਨਾ ਕਰ ਕੀ ਸਵੇਰ ਦੇ ਤਿੰਨ ਵਜੇ ਮੈਂ ਇਕ ਖੁੱਲ੍ਹੀ ਗੱਡੀ ਚ ਧਰਤੀ ਦੀ ਸੈਰ ਤੇ ਸੀ (ਮੈਂ ਆਪਣੇ ਮਕਾਨ ਮਾਲਿਕ ਨਾਲ ਗਿਆ ਸੀ ਜੀਹਨੇ ਅਸੇਨ ਦੇ ਬਜ਼ਾਰ ਜਾਣਾ ਸੀ।) ਅਸੀਂ ਸੜਕ ਦੇ ਕਿਨਾਰੇ ਜਿਸਨੂੰ ਓਹ ਡਾਇਕ ਆਖਦੇ ਨੇ ਤੇ ਚਲ ਰਹੇ ਸੀ; ਇਥੇ ਮਿੱਟੀ ਨਹੀਂ ਚਿੱਕੜ ਦਾ ਢੇਰ ਸੀ ਪਰ ਬਜ਼ਰੀ ਤੋਂ ਬਿਹਤਰ ਸੀ...  ਸਵੇਰੇ ਜਦੋਂ ਦਿਨ ਉੱਗਣ ਲਗਿਆ, ਇਧਰ ਓਧਰ ਧਰਤੀ ਤੇ ਖਿਲਰੀਆਂ ਝੋਪੜੀਆਂ ਵਿਚੋਂ ਮੁਰਗਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਓਹ ਸਾਰੀਆਂ ਝੋਪੜੀਆਂ ਜਿੰਨ੍ਹਾਂ ਕੋਲ ਦੀ ਐਸੀ ਲੰਘੇ ਪਾਪੂਲਰ ਦੇ ਮਟਮੈਲੇ ਰੁੱਖਾ ਨਾਲ ਘਿਰੀਆਂ ਸਨ, ਜਿਨ੍ਹਾਂ ਦੇ ਪੀਲੇ ਪੱਤਿਆਂ ਝੜਨ ਦੀ ਵੀ ਆਵਾਜ਼ ਆਉਂਦੀ। ਛੋਟੇ ਜਿਹੇ ਕਬਰਿਸਤਾਨ ਵਿਚ ਇਕ ਪੁਰਾਣਾ ਟੁੱਟਿਆ ਹੋਇਆ ਥੰਮ ਸੀ ਜਿਸਦੇ ਆਲੇ ਦੁਆਲੇ ਅਤੇ ਵਿਚਕਾਰ ਝਾੜੀਆਂ ਸਨ। ਧਰਤੀ ਦਾ ਸਾਦਾ ਦ੍ਰਿਸ਼; ਮੱਕੀ ਦੇ ਖੇਤ, ਇਹ ਸਭ ਹੂਬਹੂ ਓਵੇਂ ਜਿਹਾ ਹੀ ਸੀ ਜਿਵੇਂ ਦਾ ਸੋਹਣਾ ਕੋਰੋ ਨੇ ਬਣਾਇਆ ਸੀ। ਬਿਲਕੁਲ ਉਵੇਂ ਜਿਹਾ ਅਨੰਤ, ਰਹੱਸਮਈ, ਅਤੇ ਸ਼ਾਂਤ ਜਿਵੇਂ ਉਸਨੇ ਰੰਗਿਆ। ਜਦੋਂ ਅਸੀ ਜ...

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ (੨)

ਸੋਹਣੇ ;  ਮੈਨੂੰ ਪਤਾ ਕਿ ਮੈਂ ਮੁੜ ਪਾਗ਼ਲ ਹੋਣ ਵਾਲੀ ਹਾਂ। ਮੈਨੂੰ ਲਗਦਾ ਕਿ ਇਸ ਤਰ੍ਹਾਂ ਦੇ ਖਤਰਨਾਕ ਦੌਰ ਤੋਂ ਹੁਣ ਬਚਿਆ ਨਹੀ ਜਾ ਸਕਦਾ ਤੇ ਸ਼ਾਇਦ ਮੈਂ ਕਦੇ ਦੁਬਾਰਾ ਠੀਕ ਵੀ ਨਾ ਹੋਵਾਂ। ਹੁਣ ਮੇਰਾ ਧਿਆਨ ਵੀ ਨਹੀਂ ਲਗਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਹਨ। ਇਸੇ ਲਈ ਇਸ ਵੇਲੇ ਜਿਹੜਾ ਮੈਨੂੰ ਬਿਹਤਰ ਲਗਦਾ ਓਹੀ ਕਰ ਰਹੀ ਹਾਂ ਮੈਂ। ਤੂੰ ਵੀ ਮੈਨੂੰ ਖੁਸ਼ ਰੱਖਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਹਨ ਓਵੇਂ ਹੀ ਜਿਵੇਂ ਕਿਸੇ ਚਹੇਤੇ ਨੂੰ ਕਰਨੀਆਂ ਚਾਹੀਦੀਆਂ ਹਨ। ਮੈਨੂੰ ਨਹੀਂ ਲਗਦਾ ਕਿ ਦੋ ਜਣੇ ਇਸ ਤੋਂ ਜਿਆਦਾ ਖੁਸ਼ ਰਹਿ ਸਕਦੇ ਹਨ ਓਦੋਂ ਤਕ ਜਦੋਂ ਤਾਈਂ ਕੋਈ ਮੁਸੀਬਤ ਨਾ ਓਹਨਾ ਵਿਚ ਆਣ ਪਵੇ।  ਮੀਆਂ ਬੀਬੀ ਦੋਵੇਂ ਮੈਂ ਹੁਣ ਹੋਰ ਨਹੀਂ ਲੜ ਸਕਦੀ।  ਮੈਨੂੰ ਵੀ ਪਤੇ ਮੈਂ ਤੇਰੀ ਜਿੰਦਗੀ ਖਰਾਬ ਕਰ ਰਹੀਂ ਹਾਂ, ਤੇਰਿਆ ਕੰਮਾਂ ਵਿਚ ਉਲਝਣ ਬਣਦੀ ਹਾਂ। ਪਰ ਤੂੰ ਕੰਮ ਨਬੇੜ ਲੈਣੇ; ਮੈਨੂੰ ਪਤਾ। ਦੇਖ ਨਾ ਮੈਥੋਂ ਤਾਂ ਆਹ ਵੀ ਠੀਕ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਰਿਹਾ। ਨਾ ਪੜ੍ਹਿਆ ਜਾਂਦਾ ਹੈ। ਬਸ ਤੈਨੂੰ ਆਹੀ ਕਹਿਣਾ ਕਿ ਦੁਨੀਆ ਦੀਆਂ ਤਮਾਮ ਖੁਸ਼ੀਆਂ ਦੇਣ ਲਈ ਤੇਰੀ ਇਹਸਾਨਮੰਦ ਹਾਂ। ਅਪਣਾ ਬੜਾ ਸੋਹਣਾ ਤੇ ਖੁਸ਼ ਰਹੇ ਹਾਂ।  ਮੈਂ ਆਹੀ ਕਹਿਣਾ ਚਾਹੁੰਦੀ। ਸਾਰਿਆ ਨੂੰ ਇਹ ਪਤਾ ਵੀ ਹੈ ਕਿ ਮੈਨੂੰ ਕੋਈ ਬਚਾ ਸਕਦਾ  ਹੁੰਦਾ ਤਾਂ ਓਹ ਵੀ ਤੂੰ ਹੀ ਹੁੰਦਾ। ਪਰ ਹੁਣ ਬੜਾ ਕੁਝ ਪਿੱਛੇ ਰਹਿ ਗਿਆ ਹੈ ਬਿਨਾ ਤੇਰੀ ਭਲਾਈ ਤ...