ਬਾਬੇ ਨਵਤੇਜ ਭਾਰਤੀ ਨਾਲ ਗੱਲਾਂ ਕਰਨੀਆਂ ਤੇ ਨਾਲ-ਨਾਲ ਤੁਰਨਾ ਮਾੜੇ ਵਿੱਤ ਦਾ ਕੰਮ ਨਹੀਂ । ਅਕਸਰ ਏਨੀਆਂ ਖੂਬਸੂਰਤ ਗੱਲਾਂ ਹੁੰਦੀਆਂ ਕਿ ਅਵਸਥਾ ਹੀ ਬਦਲ ਜਾਂਦੀ । ਨਵਤੇਜ ਭਾਰਤੀ ਨਾਲ ਗੱਲਾਂ ਦਾ I ਇਕ ਅੰਸ਼ :
ਪਰਦੀਪ : ਹਾਕ ਮਾਰਿਆ ਕਰੋ,ਬਾਬੇ ਹਾਕ ਮਾਰਦੇ ਹੁੰਦੇ ਨੇ,ਕਵਿਤਾ ਉੱਤਰੀ ਹੈ ।
ਨਵਤੇਜ਼ ਭਾਰਤੀ : ਸ਼ਬਦਾਂ ਦੇ ਕਾਸੇ ਤਿਆਰ ਰੱਖੋ
ਪਰਦੀਪ : ਕਵਿਤਾ
ਧੁਨੀ ਮੇਰੀ ਜਨਣੀ ਹੈ
ਮਹਾਂ ਧਮਾਕਾ ਮੇਰਾ ਜਨਮਸਥਲ
ਮਹਾਂ ਧਮਾਕਾ ਮੇਰਾ ਜਨਮਸਥਲ
ਮੈਂ ਆਪਣੇ ਸਾਹ ਦੇ
ਅਕਾਰ ਜੇਡਾ ਹਾਂ
ਅਕਾਰ ਜੇਡਾ ਹਾਂ
ਤਲਾਸ਼ ਦੇ ਅਮੁਕ ਪੈਂਡੇ ਦਾ
ਸ਼ਾਨਦਾਰ ਰਾਹੀ
ਜਿਸਦੇ ਅੰਦਰ ਚੇਤਨਾ ਪ੍ਰਛਾਂਵੇ ਰਹਿਤ
ਸ਼ਾਨਦਾਰ ਰਾਹੀ
ਜਿਸਦੇ ਅੰਦਰ ਚੇਤਨਾ ਪ੍ਰਛਾਂਵੇ ਰਹਿਤ
ਮੈੰ ਭਿੰਨ ਅਭਿੰਨ ਦੇ ਵਿਚਕਾਰ ਵਾਹੀ ਲੀਕ
ਆਪਣੇ ਅਹੰ ਨਾਲ ਜਿਉਂਦਾ
ਜਿਸ ਤਰ੍ਹਾਂ ਸਾਰਾ ਬ੍ਰਹਮ ਜਿਉਂਦਾ
ਆਪਣੇ ਅਹੰ ਨਾਲ।
ਆਪਣੇ ਅਹੰ ਨਾਲ ਜਿਉਂਦਾ
ਜਿਸ ਤਰ੍ਹਾਂ ਸਾਰਾ ਬ੍ਰਹਮ ਜਿਉਂਦਾ
ਆਪਣੇ ਅਹੰ ਨਾਲ।
ਨਵਤੇਜ਼ ਭਾਰਤੀ : ਆਪਣੇ ਅਹੰ ਨਾਲ ਜਿਉਂਦਾ
ਸੋਹਣੀ ਗੱਲ ਹੈ ਕਵੀ, ਅਹੰ ਹੋਣਾ ਹੈ।
ਪਰਦੀਪ : ਅਹੰ ਗਤੀ ਹੈ ਪਦਾਰਥ ਦੀ
ਨਵਤੇਜ਼ ਭਾਰਤੀ : ਰਹਾਓ ਵੀ ਹੈ ਘੁੰਮਦੇ ਵਰੋਲੇ ਅੰਦਰ
ਪਰਦੀਪ : ਰਹਾਓ ਸ਼ੁਧ ਚੇਤਨਾ ਹੈ
ਨਵਤੇਜ਼ ਭਾਰਤੀ : ਹੋਣ ਦੀ ਲੀਲਾ ਅਸ਼ੁਧ ਚੇਤਨਾ ਦੀ ਹੈ, ਮੈੰ ਅਸ਼ੁਧ ਚੇਤਨਾ ਦਾ ਗੀਤ ਹਾਂ
ਪਰਦੀਪ : ਕੁਝ ਪੁੱਛਾਂ ? ਆਗਿਆ ਦੇਵੋ।
ਨਵਤੇਜ਼ ਭਾਰਤੀ : ਤੂੰ ਪੁਛ ਹੀ ਲਿਆ ਹਾਲਾਤ ਤਾਂ ਉੱਤਰ ਵੀ ਤੇਰੇ ਕੋਲ ਹੈ, ਤੁਸੀਂ ਉਹੀ ਪੁੱਛਦੇ ਹੋ, ਜੀਹਦਾ ਉਤਰ ਤੁਹਾਡੇ ਕੋਲ ਹੁੰਦਾ ਹੈ।
ਪਰਦੀਪ : ਨਾ, ਏਸ ਕਰਕੇ ਬਿਲਕੁਲ ਨਹੀਂ,ਕੀ ਲੀਲ੍ਹਾ ( ਇਲੂਜ਼ਨ) ਦੀ ਕੋਈ ਹੋਂਦ ਹੈ?
ਨਵਤੇਜ਼ ਭਾਰਤੀ : ਉਤਰ ਸਦਾ ਅਧੂਰਾ ਹੁੰਦਾ ਹੈ। ਪੂਰੇ ਉਤਰ ਨਾਲ ਤੁਰਦੇ ਰਹਿਣਾ ਰੁਕ ਜਾਂਦਾ ਹੈ, ਇਹ ਗਜੰਸ ਹੀ ਲੀਲ਼੍ਹਾ ਹੈ.
ਪਰਦੀਪ : ਏਸਦੇ ਅਰਥ ਨਾਲ ਏਡੀ ਵੱਡੀ ਛੇੜਖਾਨੀ ਕਿਸਨੇ ਕੀਤੀ?
ਨਵਤੇਜ ਭਾਰਤੀ : ਤੂੰ ਕੀਤੀ ਹੈ। ਕਵੀ ਕਰਦਾ ਹੈ. ਛੇੜਖਾਨੀ ਗਤੀ ਹੈ, ਤੁਰਦੇ ਰਹਿਣਾ ਹੈ ਪ੍ਰਸ਼ਨ ਪੁੱਛਣਾ ਹੈ.
ਪਰਦੀਪ : ਹਰ ਪਿਆਸ ਆਪਣੀ ਤ੍ਰਿਪਤੀ ਤੋਂ ਲਘੂ ਹੀ ਰਹੇਗੀ.. ਮੈੰ ਪੁੱਛਦਾਂ ਹਾਂ ਤੁਸੀਂ ਦੱਸਦੇ ਓ.. ਇਹ ਲੀਲ੍ਹਾ ਹੈ.. ਇਸਦੀ ਤੋਰ ਅਨੂਠੀ ਹੈ ..ਕਵੀ ਅਧੂਰਾ ਵੀ ਪੂਰਨ ਹੈ ..ਦੁਪਹਿਰ .....ਅੱਧਾ ਦਿਨ ਅੱਧੀ ਰਾਤ.
ਨਵਤੇਜ ਭਾਰਤੀ : ਜੇ ਮੈਂ ਇਉਂ ਆਖਾਂ ਹਰ ਤ੍ਰਿਪਤੀ ਪਿਆਸ ਤੋਂ ਥੋੜੀ ਹੈ, ਵੱਡਾ ਕਵੀ ਉਹ ਹੈ ਜੋ ਪੁਰਾ ਹੋ ਕੇ ਅਧੂਰਾ ਹੁੰਦਾ ਹੈ,ਨਿਰਵਾਨ ਤੋਂ ਪਿੱਛੋਂ ਸੰਸਾਰੀ ਬਣਦਾ ਹੈ ।
ਪਰਦੀਪ : ਚੇਤਨਾ ਅਸ਼ੁਧ ਕਿਵੇਂ ਹੋਈ?ਕੀ ਪ੍ਰਾਇਮੌਰਡੀਅਲ ਤੱਤ ਹੀ ਲੀਲ੍ਹਾ ਨੂੰ ਜਨਮਦਾ ਹੈ?
ਨਵਤੇਜ਼ ਭਾਰਤੀ : ਹਾਂ ਜੀ। ਲੀਲਾ ਤੋਂ ਪਰ੍ਹਾ ਚਲਾ ਗਿਆ ਸੀ। ਮੈਨੂੰ ਸ਼ੁੱਧ ਚੇਤਨਾ ਦਾ ਪਤਾ ਨਹੀਂਂ । ਉਹ ਸਾਡੇ ਅਨੁਭਵ ਤੋਂ ਪਰ੍ਹੇ ਹੈ। ਜੇ ਸ਼ੁਧ ਨਹੀਂ ਤਾਂ ਅਸ਼ੁੱਧ ਕਿਵੇਂ ਹੋਈ? ਇਹ ਵੀ ਪਤਾ ਨਹੀਂ.ਕਿਸੇ ਵੇਲੇ ਸਾਨੂੰ ਲਗਦਾ ਸੀ, ਧਰਤੀ ਗੋਲ ਨਹੀਂ ਤੇ ਇਹ ਘੂੰਮਦੀ ਨਹੀਂ। ਇਹ ਵੀ ਚੇਤਨਾ ਸੀ,। ਫੇਰ ਸਾਨੂੰ ਪਤਾ ਲਗਾ ਕਿ ਸਾਡੀ ਸਮਝ ਅਧੂਰੀ ਸੀ। ਕੀ ਹੁਣ ਪੂਰੀ ਹੈ, ਇਹਦਾ ਵੀ ਪਤਾ ਨਹੀਂ। ਲੈ ਦੇ ਕੇ ਸਾਡੇ ਕੋਲ ਜੋ ਹੈ ਉਹ ਅਸੁਧ ਜਾ ਅਧੂਰਾ ਹੈ, ਇਹੀ ਲੀਲਾ ਹੈ, ਵਰ ਹੈ। ਪ੍ਰਾਇਮੌਰਡੀਅਲ ਦਾ ਬਹੁਤਾ ਪਤਾ ਬਾਬੇ ਡਾਰਵਿਨ ਨੂੰ ਸੀ। ਮੋਟੇ ਸ਼ਬਦਾਂ ਵਿਚ ਜੋ ਕੁਧ ਆਦਿ ਤੋਂ ਤੁਰਿਆ ਆਉਂਦਾ ਹੈ। ਪਰ ਆਦਿ ਤੇ ਅੰਤ ਦੋਹਾਂ ਦਾ ਵੀ ਸਾਨੂੰ ਗਿਆਨ ਨਹੀ। ਇਹ ਅਗਿਆਨ, ਅਸੁਧ ਚੇਤਨਾ, ਹੀ ਸਾਡੀ ਲੀਲਾ ਨੂੰ ਬਣਾਈ ਰੱਖਦਾ ਹੈ।
ਵਿਸ਼ਨੂੰ ਤੇ , ਬ੍ਰਹਮਾ ਯੁਗਾਂ ਯੁਗੰਤਰ ਸ਼ਿਵ ਲਿੰਗਮ ਦੇ ਆਦਿ ਤੇ ਅੰਤ ਨੂੰ ਲੱਭਦੇ ਰਹੇ, ਅਖੀਰ ਤੇ ਹਾਰ ਗਏ। ਇਹ ਲੱਭਣਾ ਹੀ ਲੀਲਾ ਹੈ। ਚੇਤਨਾ ਹੈ ਅਸ਼ੁੱਧ ਹੈ। ਸ਼ੁੱਧ ਚੇਤਨਾ ਤੇ ਲੀਲਾ ਸਮਾਪਤ ਹੋ ਜਾਦੀ ਹੈ। ਮਦਾਰੀ ਦਾ ਤਮਾਸ਼ਾ ਖੋਟੇ ਪੈਸੇ ਨਾਲ ਹੀ ਚਲਦਾ ਹੈ। ਲੀਲਾ ਖੋਟਾ ਪੈਸਾ ਹੈ।
ਪਰਦੀਪ : ਸ਼ਾਇਦ, ਮੈਂ ਵੀ ਚਹੁੰਦਾ ਹਾਂ ਕਿ ਰੱਜ ਕੇ ਮੀਂਹ ਪਵੇ ਤੇ ਮੇਰਾ ਪਿੰਡਾ ਵੀ ਨਾ ਭਿੱਜੇ।
ਨਵਤੇਜ ਭਾਰਤੀ : ਅਜ ਦੀ ਲੀਲਾ ਸਮਾਪਤ ਕਰਦੇ ਹਾਂ। ਜਾਂ ਅਧੂਰੀ ਛਡਦੇ ਹਾਂ.
ਪਰਦੀਪ : ਸੁੰਨ ਖਲਾਅ ਦਾ ਵਾਸ.......
ਪ੍ਰਣਾਮ
~ ਪਰਦੀਪ

Comments
Post a Comment