Skip to main content

ਕਵਿਤਾ ਹੀ ਦੇ ਸਕਦਾ ਹਾਂ

ਤੁਹਾਡਾ ਦਿਨ ਮਿਠਾਸ ਨਾਲ ਭਰ ਜਾਂਦਾ ਹੈ ਜਦੋਂ ਤੁਸੀਂ ਆਪਣੇ ਸਮੇਂ ਦੇ ਸੂਖਮ ਤੇ ਸਹਿਜ ਇਨਸਾਨ ਨਾਲ ਗੱਲ ਕਰਦੇ ਹੋ।
ਨਵਤੇਜ ਭਾਰਤੀ ਦੀ ਲੀਲ੍ਹਾ ਵੱਖਰੀ ਹੈ।

ਮੈਂ ਚਹੁੰਦਾ ਹਾਂ ਉਹ ਸਵੈ ਜੀਵਨੀ ਲਿਖਣ,ਸੋ ਗੱਲਾਂ ਤੁਰ ਪਈਆਂ,ਮੇਰੀ ਭਾਰਤੀ ਜੀ ਨਾਲ ਜੋ ਗੱਲ ਹੋਈ,ਉਸਦਾ ਇੱਕ ਹਿੱਸਾ ਤੁਹਾਡੇ ਲਈ ।


ਪਰ ਦੀਪ:- ਪ੍ਰਣਾਮ ! 


ਨਵਤੇਜ ਭਾਰਤੀ :- ਪ੍ਰਣਾਮ, ਉਦਾਸ ਕਵੀ !

ਪਰ ਦੀਪ:- ਆੜੀ, ਤੁਸੀਂ ਕਦੇ ਸਵੈ ਜੀਵਨੀ ਬਾਰੇ ਸੋਚਿਆ?

ਨਵਤੇਜ ਭਾਰਤੀ -ਦਸ ਕੁ ਵਰ੍ਹੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੇ ਇਹ ਕੰਮ ਦਿੱਤਾ ਸੀ। ਦੋ ਤਿੰਨ ਵਰ੍ਹੇ ਉਹ ਯਾਦ ਕਰਵਾਉਂਦੇ ਰਹੇ। ਹਾਰ ਕੇ ਚੁਪ ਕਰ ਗਏ। ਲਿਖਣ ਵਾਲੀ ਕੋਈ ਗੱਲ ਨਹੀਂ ਹੈ ।

ਪਰ ਦੀਪ:-ਮੈਂ ਹੱਥ 'ਚ ਕੁਦਾਲ ਲੈ ਕੇ ਖੜ੍ਹਾ ਹਾਂ। ਸਮਝ ਨਹੀਂ ਆਉਂਦੀ,ਕਿੱਥੋਂ ਪੁੱਟਾਂ ਤੁਹਾਨੂੰ?


ਨਵਤੇਜ ਭਾਰਤੀ:-ਸਿੱਧਾ ਸਰਲ ਜਿਹਾ ਜੀਵਿਆ ਹਾਂ, ਦਿਲਚਸਪੀ ਵਾਲੀ ਕੋਈ ਗੱਲ ਨਹੀਂ। ਆਲਸੀ ਵੀ ਹਾਂ । 

ਪਰ ਦੀਪ:-ਚੂੰਕਿ ਸਾਨੂੰ ਸਧਾਰਣਤਾ ਦੀ ਆਦਤ ਨਹੀਂ,ਇਹ ਆਪਣੇ ਆਪ  ਚ ਹੀ ਦਿਲਚਸਪ ਹੋ ਜਾਏਗੀ ।
ਗਨੀਮਤ ਹੈ ਕਿ ਆਲਸੀ ਵੀ ਹੋ,ਚੰਗਾ ਲਿਖਿਆ ਜਾਵੇਗਾ ।
ਕਾਹਲੇ ਲੋਕ ਸਵੈ ਜੀਵਨੀ ਨਹੀਂ ਲਿਖ ਸਕਦੇ ।


ਨਵਤੇਜ ਭਾਰਤੀ:-ਸਹੀ ਹੈ। 
ਸਾਧਾਰਣ ਸ਼ਾਇਦ ਕੁਝ ਵੀ ਨਹੀਂ ਹੁੰਦਾ। ਪਰ ਆਪਣੇ ਆਪ ਬਾਰੇ ਲਿਖਣ ਦੀ ਝਿਜਕ ਵੀ ਹੈ।


ਪਰ ਦੀਪ:-ਘੂੰਗਟ ਚੱਕ ਓ ਸੱਜਣਾ,ਹੁਣ ਸ਼ਰਮਾਂ ਕਾਹਦੀਅਾਂ ਰੱਖੀਅਾਂ ਨੇ...

ਨਵਤੇਜ ਭਾਰਤੀ :- ਹੁਣ ਉਸ ਅਵਸਥਾ ਤੇ ਪਹੁੰਚ ਗਿਆ ਹਾਂ , ਆਪਣਾ ਆਪ ਨਿਗੂਣਾ ਲਗਦਾ ਹੈ। ਉੰਜ ਮੈ ਕੁਝ ਨਿਗੂਣੇ ਲੋਕਾਂ ਬਾਰੇ ਲਿਖ ਰਿਹਾ ਹਾਂ। ਮੈਂ ਜੋ ਹਾਂ, ਨਾ ਰੱਖਿਆ ਸੀ। ਸੋ ਜੇ ਕਦੇ ਮਨ ਮੰਨਿਆ ਤਾਂ ਜੋਹ ਲਿਖ ਦੇਵਾਂਗਾ ।

ਪਰ ਦੀਪ:-ਤੁਸੀਂ ਅੰਬ ਚੂਪ ਲਿਅਾ,ਮਗਰੋਂ ਕੱਚੀ ਲੱਸੀ ਵੀ ਪੀ ਲਈ,ਡਕਾਰ ਵੀ ਆ ਗਿਆ,ਮੁੰਹ ਚ ਜ਼ਾਇਕਾ ਹੈ ਸੋ ਲਿਖਣਾ ਤਾਂ ਬਣਦਾ ਹੈ। ਜੇ ਤੁਹਾਡੇ ਸਾਹਮਣੇ ਅੰਬ ਅਜੇ ਪਿਆ ਹੁੰਦਾ ਤਾਂ ਕਹਿ ਸਕਦੇ ਸੀ।

ਨਵਤੇਜ ਭਾਰਤੀ :- ਅੰਬ ਅਜੇ ਪਿਆ ਹੈ। ਇਹ ਵੀ ਇਕ ਕਾਰਣ ਹੈ। ਮੇਰੀ ਅਜੇ ਬੰਬਲ ਵਟਣ ਦੀ ਉਮਰ ਨਹੀਂ ਆਈ, ਕਵਿਤਾ ਵੀ ਏਸੇ ਲਾਲਚ ਵਿਚ ਲਿਖਦਾ ਹਾਂ। ਓਦੋਂ ਨਵੇਂ ਸਿਰੇ ਤੋਂ ਜਿਊਣ ਲਗ ਜਾਂਦਾ ਹਾਂ ।

ਪਰ ਦੀਪ:- ਤੁਹਾਨੂੰ ਖੁਦ ਨੂੰ ਝਕਾਨੀ ਦੇਣੀ ਆਉਂਦੀ ਹੈ । ਕੈਸੇ ਬਾਵਣਹਾਰੇ ਹੋ,ਖੁਦ ਨੂੰ ਹੀ ਪੀ ਕੇ ਖੁਦ ਹੀ ਉੱਡ ਜਾਂਦੇ ਹੋ ।


ਨਵਤੇਜ ਭਾਰਤੀ:-  ਬੇਅੰਤ ਲੋਕਾਂ ਦਾ ਦੇਣਦਾਰ ਹਾਂ। 
ਕਵਿਤਾ ਹੀ ਦੇ ਸਕਦਾ ਹਾਂ। 
ਅਨੇਕਾ ਜਨਮ ਲਗਣਗੇ ਰਿਣ ਲਾਹੁੰਦਿਆਂ। 
ਰਿਣ ਵੀ ਇਹੋ ਜਿਹਾ ਹੈ, ਲਾਹੁਣ ਵੇਲੇ ਚੜ੍ਹ ਜਾਂਦਾ ਹੈ ~ 


ਪਰ ਦੀਪ:-ਬਿਰਖ 'ਤੇ ਧੁੱਪ ਦਾ ਕੀਹ ਰਿਣ... ਕੋੲੀ ਨਹੀਂ , 


ਨਵਤੇਜ ਭਾਰਤੀ :- ਜਿਹੜੀਆਂ ਚੱਪਲਾਂ ਪਾਉਂਦਾ ਰਿਹਾ ਹਾਂ, ਕਲ ਚੇਤੇ ਆਇਆ ਉਹਨਾਂ ਦਾ ਰਿਣ ਵੀ ਸਿਰ ਹੈ। ਕੱਲ ਲੱਭੀਆਂ ਨਹੀਂ, ਲੁਕਣ ਮੀਚੀ ਖੇਡਣ ਲਗ ਗਈਆਂ।


ਪਰ ਦੀਪ:-ਮੈਂ ਵੀ ਸਵਾਦ ਲੈਂਦਾ ਹਾਂ...ਰਸੋਈ 'ਚ ਮੇਰੇ ਹੱਥੋਂ ਪਿੱਤਲ ਦੀ ਕੌਲੀ ਡਿਗ ਪਈ.ਇੰਨੀ ਸੋਹਣੀ ਤਰਬ ਕਦੇ ਨਾ ਸੀ ਡਿੱਠੀ.. ਹੁਣ ਜਦ ਵੀ ਨਵੀਂ ਤਰਬ ਨੂੰ ਤਰਸਾਂ,ਕੌਲੀ ਸੁਟ ਦਿੰਦਾ ਹਾਂ ।


ਪਰਦੀਪ


Comments

Post a Comment