Skip to main content

... ਗਲਤ ਪਤੇ ਤੇ ਪਹੁੰਚੇ ਖ਼ਤ।

... ਗਲਤ ਪਤੇ ਤੇ ਪਹੁੰਚੇ ਖ਼ਤ।


[ਕਿਸੇ ਅਣਜਾਣ ਪਤੇ ਤੇ ਖ਼ਤ ਭੇਜਣ ਤੋਂ ਦੁਖਦ ਕੁਝ ਨਹੀਂ ਹੋ ਸਕਦਾ; ਇਹ ਖ਼ਤ ਨਹੀਂ ਇੱਕ ਆਹ ਹੈ।]

... ਦੁਨੀਆ ਭਰ ਦੇ ਖੂਬਸੂਰਤ ਖ਼ਤਾਂ ਦੀ ਦਾਸਤਾਨ ਲਿਖੀ ਜਾਵੇ ਤਾਂ ਕਾਫ਼ਕਾ ਦਾ ਮਿਲੇਨਾ ਨਾਮ ਖ਼ਤ: ਰਿਲਕੇ ਕਾਪੁਸ ਸੰਵਾਦ: ਮੰਟੋ: ਚਾਰਲੀ: ਗੇਬਰੀਅਲ ਦਾ ਫਰਮੀਨਾ ਫਲੇਰਿਤੀਨੋ ਕਿੱਸਾ; ਗਾਲਿਬ; ਫ਼ੈਜ਼; ਥਿਓ, ਵਿਨਸੈਂਟ; ਵਰਗੇ ਅਨੇਕਾਂ ਫੁੱਲਾਂ ਜਿਹੇ ਕਿੱਸੇ ਸਾਹਮਣੇ ਆ ਜਾਣਗੇ। ਇਹਨਾ ਵਿਚਕਾਰਲੀ ਸਾਂਝੀ ਤੰਦ ਦਾ ਧਾਗਾ ਬੜਾ ਬਾਰੀਕ ਮਹੀਨ ਅਤੇ ਖੂਬਸੂਰਤ ਹੈ। ਜੇਕਰ ਮੇਰੇ ਕੋਲ ਹੱਕ ਹੋਵੇ ਤਾਂ ਮੈਂ ਇਸ ਧਾਗੇ ਦੀ ਇਕ ਛੋਰ ਤੇ ਕਾਫ਼ਕਾ ਨੂੰ ਖੜ੍ਹਾ ਕਰਾਂਗਾ ਇੱਕ ਤੇ ਫੇਲਿਸ ਬਾਉਰ ਨੂੰ। ਮੁਮਕਿਨ ਹੈ ਤੁਹਾਡੇ ਲਈ ਇਹ ਬੇਹੱਦ ਨਿੱਜੀ ਕਿਸਮ ਦੀ ਚੋਣ ਹੋਵੇ ਪਰ ਮੈਨੂੰ ਕਾਫ਼ਕਾ ਜਿਨ੍ਹਾਂ ਕ ਮਹਿਸੂਸ ਹੋਇਆ ਮੇਰੇ ਕੋਲ ਇਸ ਚੋਣ ਦੇ ਆਪਣੇ ਮਾਇਨੇ ਹਨ... ਹਾਂ ਵੱਖਰੀ ਗੱਲ ਵੀ ਸਿਖਰ ਦੇ ਮਾਸਾ ਕ ਨੇੜੇ ਥੀਓ ਜਾਂ ਦੂਜੇ ਪਾਸੇ ਵਿਨਸੈਂਟ ਨੂੰ ਬੈਠਿਆ ਵੇਖ ਕੋਈ ਹੈਰਾਨੀ ਨਾ ਹੋਵੇ ਪਰ ਕਿਨਾਰੇ ਤੇ ਅਕਸਰ ਕਿਸੇ ਮੱਕੜੀ ਵਾਂਗ ਜਾਲੇ ਨਾਲ ਲਮਕਿਆ ਰਹਿਣਾ ਕਾਫ਼ਕਾ। ਇਸੇ ਧਾਗੇ ਤੇ ਜਿਹੜਾ ਦੂਜਾ ਛੋਰ ਹੈ ਉਸਤੇ ਬੈਠੀ ਫੈਲਿਸ ਦਾ ਨਾਮ ਬਹੁਤੇ ਨਹੀਂ ਜਾਣਦੇ ਹੋਣਗੇ ਜਿਨ੍ਹਾਂ ਨੂੰ ਪਤਾ ਓਹ ਕਾਫ਼ਕਾ ਦੇ ਬਹੁਤੇ ਨਜ਼ਦੀਕੀ ਹੋ ਸਕਦੇ.. ਹੋ ਸਕਦਾ ਮਕਸ ਬ੍ਰਾਡ ਦੀ ਮਿੱਤਰ ਸੂਚੀ ਵਿਚੋਂ ਹੋਣ.. ਇਸੇ ਮਿੱਤਰ ਸੂਚੀ ਵਿਚੋਂ ਮੈਂ ਹਾਂ... ਇਸੇ ਸੂਚੀ ਨੂੰ ਖੰਗਾਲਦਿਆਂ ਪਹਿਲੀ ਵਾਰ ਇਸ ਨਾਮ ਨਾਲ ਤਾਰੁਫ਼ ਹੋਇਆ...


               ________________________


              ਕਸ ਓਹ ਇਸਨਾਨ ਹੈ ਜਿਸਨੇ ਕਾਫਕਾ ਨੂੰ ਜਾਣਿਆ, ਸਮਝਿਆ, ਅਤੇ ਉਸ ਦੁਨੀਆ ਨਾਲ ਤਾਰੁਫ਼ ਕਰਵਾਇਆ ਜਿਸਦੀ ਹੋਂਦ ਦੇ ਖੂੰਡੇ ਹੋਏ ਕਿਨਾਰਿਆਂ ਤੇ ਕਾਫਕਾ ਤੁਰਦਾ ਭੁਰਦਾ ਸੀ।ਵਿਸ਼ਵ ਪ੍ਰਸਿੱਧ ਕਿਦਵੰਤੀ ਹੈ; ਕਾਫਕਾ ਦੇ ਆਖਰੀ ਵੇਲੇ ਦੌਰਾਨ ਦੀ। ਓਦੋਂ ਦੀ ਜਦੋਂ ਓਹ ਬਿਸਤਰ ਤੇ ਪਿਆ ਮੌਤ ਨੂੰ ਖ਼ਤ ਲਿਖ ਰਿਹਾ ਸੀ। ਇਹ ਖ਼ਤ ਛੋਟੇ ਹੁੰਦੇ। ਕਦੇ ਕਦੇ ਤਾਂ ਦੋ ਸਫਿਆਂ ਦੇ ਕਦੇ ਦੋ ਸ਼ਬਦਾਂ ਤੇ ਨਿੱਕੀਆਂ ਨਿੱਕੀਆਂ ਸਤਰਾਂ ਦੇ ਰੂਪ ਵਿਚ, ਕਦੇ ਕਦੇ ਤਾਂ ਇੱਕ ਸ਼ਬਦ ਮਾਤਰ ਹੀ। ਇਸੇ ਉਲਝ ਸੁਲਝ ਦੇ ਵੇਲੇ ਇੱਕ ਸ਼ਾਮ ਕਾਫਕਾ ਨੇ ਮਕਸ ਨੂੰ ਆਪਣੇ ਕੋਲ ਬੁਲਾਇਆ ਅਤੇ ਇਕ ਵਾਅਦਾ ਕਰਨ ਨੂੰ ਕਿਹਾ ਕਿ ਜੇਕਰ ਤੂੰ ਮੇਰਾ ਦੋਸਤ ਹੈ, ਤਾਂ ਮੇਰੇ ਲਿਖੇ ਸਾਰੇ ਨੂੰ (ਮੇਰੀ ਮੌਤ ਤੋਂ ਬਾਅਦ) ਜਾਲ਼ ਦੇਵੀਂ। ਲਿਖੇ ਹਰ ਇਕ ਸ਼ਬਦ ਨੂੰ, ਹਰ ਅੱਖਰ ਨੂੰ। ਕਿਤੇ ਕੁਝ ਨਾ ਬਚੇ। ਮਾਸਾ ਜਿਨ੍ਹਾਂ ਵੀ ਨਾ। ਪਤਾ ਨਹੀਂ ਇਹ ਉਸਦੀ ਲੇਖਣੀ ਨੂੰ ਲੈਕੇ ਨਿਰਾਸ਼ਾ ਸੀ ਜਾਂ ਜਿੰਦਗੀ ਨੂੰ। ਇਸ ਪਤਾ ਨਹੀਂ ਦਾ ਜਵਾਬ ਬੜਾ ਲੰਬਾ ਉਲਝਿਆ ਤੇ ਵੱਡਾ ਹੈ। ਕਿਸੇ ਮੋਟੇ ਭੁਰਭੁਰੇ ਪੀਲੇ ਸਫਿਆਂ ਵਾਲੇ ਗ੍ਰੰਥ ਜਿੱਡਾ। ਜਿੰਨ੍ਹਾਂ ਨੇ ਕਾਫਕਾ ਨੂੰ ਸਮਝਣਾ ਜਾਨਣਾ ਚਾਹਿਆ ਹੈ ਓਹ ਇੱਕ ਵਾਰ ਜ਼ਰੂਰ ਇਸ ਪਤਾ ਨਹੀਂ ਵਾਲੇ ਡੂੰਘੇ ਅਤੇ ਨਾ ਮਾਪਣ ਜਿੰਨ੍ਹੀ ਡੂੰਘਾਈ ਵਾਲੇ ਖੂਹ ਚ ਉਤਰੇ ਹੋਣੇ। ਜਿਸਦੀਆਂ ਖੁਰੀਆਂ ਹੋਈਆਂ ਲਾਲ ਸਿਲਾਬੀਆਂ ਇੱਟਾਂ ਪਿੱਛੇ ਅਨੇਕਾਂ ਅਜੀਬੋ ਗਰੀਬ ਕਿਸਮ ਦੇ ਕੀਟ; ਪਤੰਗੇ, ਸੁੱਕ ਕੇ ਪਪੜੀ ਹੋਈ ਕਾਈ ਦੀ ਤਹਿ ਥੱਲੇ ਅਣਗਿਣਤ ਰੂਹਾਂ; ਮੱਕੜੀਆਂ ਦੇ ਜਾਲਿਆਂ ਚ ਉਲਝੇ ਬਿਨ ਰੰਗੇ ਪ੍ਰੇਤ। ਇਨਸਾਨ। ਜਾਨਵਰ ਤੇ ਰਹੱਸ ਲੁਕੇ ਨੇ। ਇਸ ਪਤਾ ਨਹੀਂ ਦਾ ਜਵਾਬ ਇਸੇ ਖੂਹ ਦੀ ਤਲਹਟੀ ਤੇ ਹੈ। ਜਿੱਥੇ ਪੁੱਜਣਾ ਬੜਾ ਔਖਾ। ਕਾਫਕਾ ਨੂੰ ਸਮਝਣ ਵਾਂਙ। ਇਸੇ ਲਈ ਤਾਂ ਉਸਦੇ ਦੋਸਤ ਥੋੜ੍ਹੇ ਸਨ। ਇਸ ਥੋੜ੍ਹੇ ਵਾਲੀ ਸੂਚੀ ਚ ਆਉਂਦਾ ਸੀ; ਮਕਸ।

 ਕਾਫਕਾ ਦਾ ਲੰਗੋਟੀਆ ਯਾਰ ਜਾਂ ਇੰਝ ਆਖ ਲਓ ਓਹ ਸੂਤਰਧਾਰ ਜਿਸ ਦੇ ਰਾਹੀਂ ਆਧੁਨਿਕ ਸਾਹਿਤ ਨੂੰ ਕਾਫਕਾ ਮਿਲਿਆ। ਓਦੋਂ ਜਦੋਂ ਕਾਫਕਾ ਦੀ ਉਮਰ ਬੜੀ ਥੋੜ੍ਹੀ ਸੀ। ਤਪਦਿਕ ਨਾਲ ਤਪਿਆ ਓਹ ਮੌਤ ਦੀ ਸੇਜ਼ ਤੇ ਤੜਫ ਰਿਹਾ ਸੀ। ਫੇਫੜੇ ਫੁੱਲ ਗਏ ਸਨ ਤੇ ਗਲਾ ਇੰਝ ਜਿਵੇਂ ਕਿਸੇ ਨੇ ਪਾਰਾ ਪਿਘਲਾ ਕੇ ਜੰਮਣ ਲਈ ਛੱਡ ਦਿੱਤਾ ਹੋਵੇ। ਉਸਦੀ ਤੇ ਖਾਣ ਵਾਲੀ ਅੰਤੜੀਆਂ ਦੀ ਰਾਹਦਾਰੀ ਰੁਕ ਗਈ ਸੀ। ਨਿੱਕੀ ਉਮਰ ਦਾ ਊਰਜਾ ਭਰਿਆ ਲੇਖਕ ਆਪਣੀ ਦੇਹ ਅੰਦਰ ਅਨੇਕਾਂ ਕਿੱਸੇ ਦੱਬੀ ਤੜਫ ਰਿਹਾ ਸੀ। ਸੌਖਾ ਕਰਕੇ ਦੇਖੀਏ ਤਾਂ ਨਾ ਕੁਝ ਅੰਦਰ ਜਾ ਰਿਹਾ ਸੀ ਨਾ ਬਾਹਰ ਆ ਰਿਹਾ ਸੀ। ਓਦੋਂ ਰੂਟੀਨ ਵਾਂਗ ਆਪਣੇ ਆਪ ਨੂੰ ਇਕ ਨਿੱਕਾ ਜਿਹਾ ਖ਼ਤ (ਡਾਇਰੀ ਚ ਇੱਕ ਟੋਟਾ) ਲਿਖਿਆ। ਇਸ ਵੇਲੇ ਓਹ ਅਕਸਰ ਇੰਝ ਕਰਦਾ ਸੀ। ਨਿੱਕੇ ਨਿੱਕੇ ਕੋਟ; ਇੱਕ ਸਤਰੇ ਖ਼ਤ; ਡਾਇਰੀ ਚ ਡ੍ਰਾਫਟ। ਨਿੱਕੀਆਂ ਨਿੱਕੀਆਂ ਪਰਚੀਆਂ ਆਪਣੀ ਪ੍ਰੇਮਕਾ ਜਾਂ ਮਕਸ ਲਈ। ਓਹ ਸੀ: ਕਿ "ਮੈਂ ਪਾਣੀ ਪੀ ਨਹੀਂ ਸਕਦਾ, ਪਰ ਪਾਣੀ ਪੀਤਾ ਜਾ ਸਕਦਾ ਇਹੀ ਲਾਲਸਾ ਹੀ ਮੈਨੂੰ ਰਜਾ ਦਿੰਦੀ ਹੈ।" ਤੁਸੀਂ ਇਸ ਕਥਨ ਨੂੰ ਦੁਬਾਰਾ ਪੜ੍ਹੋ। ਤੀਬਾਰਾ ਪੜ੍ਹੋ। ( ਜਾਂ ਇੰਝ ਕਰੋ ਆਪਣੀ ਮਨਪਸੰਦ ਕਿਸੇ ਡਾਇਰੀ ਜਾਂ ਕਿਤਾਬ ਤੇ ਲਿਖ ਲਵੋ। ਉਸ ਕਿਤਾਬ ਤੇ ਤੁਸੀਂ ਜਿਸਨੂੰ ਵਾਰ ਵਾਰ ਪੜ੍ਹਦੇ ਹੋ। ਰੁਕ ਰੁਕ ਕੇ ਸਕੂਨ ਨਾਲ ਜਾਂ ਤੁਸੀਂ ਕੋਸ਼ਿਸ਼ ਕਰਨਾ ਕਿ ਕਿਸੇ ਉਸ ਕਿਤਾਬ ਤੇ ਲਿਖੋ ਜਿਹੜੀ ਤੰਗ ਕਰਦੀ ਹੈ। ਪੜ੍ਹਦੇ ਹੋ ਚੰਗਾ ਤਾਂ ਲਗਦਾ। ਪਰ ਤੰਗ ਕਰਦੀ ਹੈ; ਤੁਸੀਂ ਤੰਗ ਤੋਂ ਮੇਰਾ ਭਾਵ ਸਮਝੇ। ਚਲੋ ਛੱਡੋ ਮੈਂ ਦਸਦਾ ਮੈਂ ਇਸ ਕਥਨ ਨੂੰ ਅੱਜ ਤੋਂ ਦੋ ਸਾਲ ਪਹਿਲਾਂ ਆਪਣੀ ਸਭ ਤੋਂ ਪਿਆਰੀ ਕਿਤਾਬ " ਅੰਤਿਮ ਅਰਨਯ" ਤੇ ਲਿਖਿਆ ਸੀ।) ਰੁਕ ਰੁਕ ਕੇ ਦੁਬਾਰਾ ਪੜ੍ਹੋ। ਇਹ ਸਮਝ ਆਉਣ ਦੇ ਨਾਲ ਨਾਲ ਅੰਦਰ ਘੁਲਣਾ ਸ਼ੁਰੂ ਹੋਵੇਗਾ। (ਇਹ ਨੁਕਤਾ ਆਪਾਂ ਪਹਿਲਾਂ ਵੀ ਅਜਮਾਇਆ ਜਦੋਂ ਕਾਫਕਾ ਦੇ ਹੀ ਗ੍ਰਾਗਰ ਸਾਮਸਾ ਦੀ ਗੱਲ ਹੋਈ ਸੀ। ਪੜ੍ਹੋ ਦੁਬਾਰਾ ਪੜ੍ਹੋ। ਓਦੋਂ ਤਕ ਜਦੋਂ ਤਕ ਓਹ ਕੀੜਾ ਖੁਦ ਜਿਹਾ ਨਾ ਲੱਗਣ ਲੱਗ ਜਾਵੇ। ਕਿੱਸਾ ਗੋਈ ਦਾ ਤਲਿਸਮ ਆਹੀ ਹੁੰਦਾ) 
ਜਿਜੀਵਸ਼ਾ ਕੀ ਹੁੰਦੀ। ਸਮਝ ਆਉਣੀ ਸ਼ੁਰੂ ਹੋਵੇਗੀ। ਹੋ ਸਕਦਾ ਕਿਸੇ ਸਾਲ, ਕਿਸੇ ਮਹੀਨੇ, ਕਿਸੇ ਦਿਨ, ਇੱਕੋ ਹੀ ਵਾਕ ਕਾਫਕਾ ਦੇ ਮਾਸਾ ਨੇੜੇ ਕਰ ਲਵੇ। ਕਾਫਕਾ ਨੂੰ ਸਮਝਣ ਵਾਸਤੇ ਕਾਫਕਾ ਨੂੰ ਨਾ ਪੜ੍ਹੋ। ਕਾਫਕਾ ਨੂੰ ਜਾਣਨ ਵਾਸਤੇ ਕਾਫਕਾ ਨਾ ਪੜ੍ਹੋ। ਮੈਂ ਇਹ ਗਲਤੀ ਕੀਤੀ। ਦ ਕਾਸਲ ਪੜ੍ਹਿਆ। ਕਾਫਕਾ ਨੂੰ ਜਿੰਨ੍ਹਾਂ ਜਾਣਦਾ ਸੀ ਉਸ ਵਿਚੋਂ ਅਧਾ ਭੁੱਲ ਗਿਆ। 

::

  ਬਾਕੀ ਅਗਲੀ ਕਿਸ਼ਤ ਵਿਚ (ਇਹ ਇਕ ਲੰਬੇ ਲੇਖ ਤੇ ਟੋਟੇ ਹਨ ਜਿਹੜਾ ਲੜੀਵਾਰ ਕੋਸ਼ਿਸ਼ ਕਰਾਂਗਾ ਟਾਈਪ ਕਰਨ ਦੀ)

Comments

Popular posts from this blog

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ ( ੧)

ਪਿਆਰੇ ਬਾਈ...  ਮੈਂ ਜਵੀਲੋ ਦੇ ਸਫ਼ਰ ਦੀਆਂ ਗੱਲਾਂ ਤੈਨੂੰ ਦੱਸਣਾ ਚਾਹੁੰਦਾ, ਇਹ ਓਹੀ ਪਿੰਡ ਹੈ ਜਿੱਥੇ ਲਾਇਬਰਮੈਨ   ਲੰਬੇ ਸਮੇਂ ਤਕ ਆਪਣੀ ਆਖਰੀ ਪ੍ਰਦਰਸ਼ਨੀ ਲਈ ਤਸਵੀਰ ਦੇ ਚਿੰਤਨ ਲਈ ਰੁਕਿਆ - ਓਹੀ ਤਸਵੀਰ ਜਿਸ  ਵਿਚ ਧੋਬਣਾ ਨੇ। ਓਹ ਜਗ੍ਹਾ ਜਿੱਥੇ ਟਰਮਿਉਲ   ਅਤੇ ਜੁਯਲੁਸ ਬਾਖਯੁਜ਼ੇਨ ਨੇ ਕੁਝ ਸਮਾਂ ਲੰਘਾਇਆ। ਕਲਪਨਾ ਕਰ ਕੀ ਸਵੇਰ ਦੇ ਤਿੰਨ ਵਜੇ ਮੈਂ ਇਕ ਖੁੱਲ੍ਹੀ ਗੱਡੀ ਚ ਧਰਤੀ ਦੀ ਸੈਰ ਤੇ ਸੀ (ਮੈਂ ਆਪਣੇ ਮਕਾਨ ਮਾਲਿਕ ਨਾਲ ਗਿਆ ਸੀ ਜੀਹਨੇ ਅਸੇਨ ਦੇ ਬਜ਼ਾਰ ਜਾਣਾ ਸੀ।) ਅਸੀਂ ਸੜਕ ਦੇ ਕਿਨਾਰੇ ਜਿਸਨੂੰ ਓਹ ਡਾਇਕ ਆਖਦੇ ਨੇ ਤੇ ਚਲ ਰਹੇ ਸੀ; ਇਥੇ ਮਿੱਟੀ ਨਹੀਂ ਚਿੱਕੜ ਦਾ ਢੇਰ ਸੀ ਪਰ ਬਜ਼ਰੀ ਤੋਂ ਬਿਹਤਰ ਸੀ...  ਸਵੇਰੇ ਜਦੋਂ ਦਿਨ ਉੱਗਣ ਲਗਿਆ, ਇਧਰ ਓਧਰ ਧਰਤੀ ਤੇ ਖਿਲਰੀਆਂ ਝੋਪੜੀਆਂ ਵਿਚੋਂ ਮੁਰਗਿਆਂ ਨੇ ਬੋਲਣਾ ਸ਼ੁਰੂ ਕਰ ਦਿੱਤਾ। ਓਹ ਸਾਰੀਆਂ ਝੋਪੜੀਆਂ ਜਿੰਨ੍ਹਾਂ ਕੋਲ ਦੀ ਐਸੀ ਲੰਘੇ ਪਾਪੂਲਰ ਦੇ ਮਟਮੈਲੇ ਰੁੱਖਾ ਨਾਲ ਘਿਰੀਆਂ ਸਨ, ਜਿਨ੍ਹਾਂ ਦੇ ਪੀਲੇ ਪੱਤਿਆਂ ਝੜਨ ਦੀ ਵੀ ਆਵਾਜ਼ ਆਉਂਦੀ। ਛੋਟੇ ਜਿਹੇ ਕਬਰਿਸਤਾਨ ਵਿਚ ਇਕ ਪੁਰਾਣਾ ਟੁੱਟਿਆ ਹੋਇਆ ਥੰਮ ਸੀ ਜਿਸਦੇ ਆਲੇ ਦੁਆਲੇ ਅਤੇ ਵਿਚਕਾਰ ਝਾੜੀਆਂ ਸਨ। ਧਰਤੀ ਦਾ ਸਾਦਾ ਦ੍ਰਿਸ਼; ਮੱਕੀ ਦੇ ਖੇਤ, ਇਹ ਸਭ ਹੂਬਹੂ ਓਵੇਂ ਜਿਹਾ ਹੀ ਸੀ ਜਿਵੇਂ ਦਾ ਸੋਹਣਾ ਕੋਰੋ ਨੇ ਬਣਾਇਆ ਸੀ। ਬਿਲਕੁਲ ਉਵੇਂ ਜਿਹਾ ਅਨੰਤ, ਰਹੱਸਮਈ, ਅਤੇ ਸ਼ਾਂਤ ਜਿਵੇਂ ਉਸਨੇ ਰੰਗਿਆ। ਜਦੋਂ ਅਸੀ ਜਵੀਲੂ ਪੁੱਜੇ ਸਵੇਰ ਦੇ ਛੇ ਵਜ

ਦੁਨੀਆ ਭਰ ਦੇ ਤਮਾਮ ਖ਼ੂਬਸੂਰਤ ਖ਼ਤ (੨)

ਸੋਹਣੇ ;  ਮੈਨੂੰ ਪਤਾ ਕਿ ਮੈਂ ਮੁੜ ਪਾਗ਼ਲ ਹੋਣ ਵਾਲੀ ਹਾਂ। ਮੈਨੂੰ ਲਗਦਾ ਕਿ ਇਸ ਤਰ੍ਹਾਂ ਦੇ ਖਤਰਨਾਕ ਦੌਰ ਤੋਂ ਹੁਣ ਬਚਿਆ ਨਹੀ ਜਾ ਸਕਦਾ ਤੇ ਸ਼ਾਇਦ ਮੈਂ ਕਦੇ ਦੁਬਾਰਾ ਠੀਕ ਵੀ ਨਾ ਹੋਵਾਂ। ਹੁਣ ਮੇਰਾ ਧਿਆਨ ਵੀ ਨਹੀਂ ਲਗਦਾ ਤੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਵੀ ਸੁਣਦੀਆਂ ਹਨ। ਇਸੇ ਲਈ ਇਸ ਵੇਲੇ ਜਿਹੜਾ ਮੈਨੂੰ ਬਿਹਤਰ ਲਗਦਾ ਓਹੀ ਕਰ ਰਹੀ ਹਾਂ ਮੈਂ। ਤੂੰ ਵੀ ਮੈਨੂੰ ਖੁਸ਼ ਰੱਖਣ ਦੀਆਂ ਤਮਾਮ ਕੋਸ਼ਿਸ਼ਾਂ ਕੀਤੀਆਂ ਹਨ ਓਵੇਂ ਹੀ ਜਿਵੇਂ ਕਿਸੇ ਚਹੇਤੇ ਨੂੰ ਕਰਨੀਆਂ ਚਾਹੀਦੀਆਂ ਹਨ। ਮੈਨੂੰ ਨਹੀਂ ਲਗਦਾ ਕਿ ਦੋ ਜਣੇ ਇਸ ਤੋਂ ਜਿਆਦਾ ਖੁਸ਼ ਰਹਿ ਸਕਦੇ ਹਨ ਓਦੋਂ ਤਕ ਜਦੋਂ ਤਾਈਂ ਕੋਈ ਮੁਸੀਬਤ ਨਾ ਓਹਨਾ ਵਿਚ ਆਣ ਪਵੇ।  ਮੀਆਂ ਬੀਬੀ ਦੋਵੇਂ ਮੈਂ ਹੁਣ ਹੋਰ ਨਹੀਂ ਲੜ ਸਕਦੀ।  ਮੈਨੂੰ ਵੀ ਪਤੇ ਮੈਂ ਤੇਰੀ ਜਿੰਦਗੀ ਖਰਾਬ ਕਰ ਰਹੀਂ ਹਾਂ, ਤੇਰਿਆ ਕੰਮਾਂ ਵਿਚ ਉਲਝਣ ਬਣਦੀ ਹਾਂ। ਪਰ ਤੂੰ ਕੰਮ ਨਬੇੜ ਲੈਣੇ; ਮੈਨੂੰ ਪਤਾ। ਦੇਖ ਨਾ ਮੈਥੋਂ ਤਾਂ ਆਹ ਵੀ ਠੀਕ ਤਰ੍ਹਾਂ ਨਾਲ ਨਹੀਂ ਲਿਖਿਆ ਜਾ ਰਿਹਾ। ਨਾ ਪੜ੍ਹਿਆ ਜਾਂਦਾ ਹੈ। ਬਸ ਤੈਨੂੰ ਆਹੀ ਕਹਿਣਾ ਕਿ ਦੁਨੀਆ ਦੀਆਂ ਤਮਾਮ ਖੁਸ਼ੀਆਂ ਦੇਣ ਲਈ ਤੇਰੀ ਇਹਸਾਨਮੰਦ ਹਾਂ। ਅਪਣਾ ਬੜਾ ਸੋਹਣਾ ਤੇ ਖੁਸ਼ ਰਹੇ ਹਾਂ।  ਮੈਂ ਆਹੀ ਕਹਿਣਾ ਚਾਹੁੰਦੀ। ਸਾਰਿਆ ਨੂੰ ਇਹ ਪਤਾ ਵੀ ਹੈ ਕਿ ਮੈਨੂੰ ਕੋਈ ਬਚਾ ਸਕਦਾ  ਹੁੰਦਾ ਤਾਂ ਓਹ ਵੀ ਤੂੰ ਹੀ ਹੁੰਦਾ। ਪਰ ਹੁਣ ਬੜਾ ਕੁਝ ਪਿੱਛੇ ਰਹਿ ਗਿਆ ਹੈ ਬਿਨਾ ਤੇਰੀ ਭਲਾਈ ਤੇ ਯਕੀਨ ਦੇ। ਮੈਥੋਂ ਹੋਰ ਨੀ

ਕੁਝ ਵੀ ਨਹੀਂ ਪਹਿਲੇ ਪਿਆਰ ਜਿਹਾ

◦•●◉✿ ਪਹਿਲਾ ਪਿਆਰ ✿◉●•◦ ਦੁਨੀਆ ਵਿਚ ਕੁਝ ਵੀ ਨਹੀਂ ਪਹਿਲੇ ਪਿਆਰ ਜਿਹਾ ਜੇਕਰ ਕੁਝ ਹੈ ਤਾਂ  ਓਹ ਹੈ ਦੂਜਾ ਪਿਆਰ ਦੂਜੇ ਪਿਆਰ ਜਿਹੀ  ਸਿਰਫ਼ ਇੱਕੋ ਚੀਜ ਹੈ ਦੁਨੀਆ 'ਤੇ ਓਹ ਹੈ - ਜੇਕਰ ਮੌਕਾ ਮਿਲੇ ਤਾਂ  ਤੀਜਾ ਪਿਆਰ  ਏਨਾ ਜਾਣ ਗਏ ਤਾਂ ਸਭ ਕੁਝ ਜਾਣ ਗਏ ਦਾਰਸ਼ਨਿਕ ਬਣ ਜਾਓਗੇ ਮੁਕਤੀ ਮਿਲ ਜਾਵੇਗੀ। ◦•●◉✿ ਮੌਤ ✿◉●•◦ ਅਸੀਂ ਕੱਲ੍ਹ ਨਹੀਂ ਮਿਲੇ ਹੁੰਦੇ ਤਾਂ ਕਿੰਨੇ ਹੀ ਸਵਾਲ ਮੇਰੇ ਮਨ ਵਿਚ ਬਣੇ ਰਹਿੰਦੇ ਚੰਗਾ ਹੀ ਹੋਇਆ ਕਿ ਅਸੀਂ ਮਿਲੇ ਤੇ ਗੱਲਬਾਤ ਕੀਤੀ ਨਹੀਂ ਤਾਂ ਮੈਂ ਤੈਨੂੰ  ਆਪਣਾ ਦੁਸ਼ਮਣ ਹੀ ਸਮਝਦਾ ਰਹਿੰਦਾ  ਅੱਜ ਮੈਂ ਬਹੁਤ ਨੇੜੇ ਮਹਿਸੂਸ ਕਰ ਰਿਹਾ ਹਾਂ ਤੇਰੇ ਬਿਨਾ ਨਾ ਜ਼ਿੰਦਗੀ , ਨਾ  ਖ਼ੂਬਸੂਰਤੀ, ਨਾ ਪਿਆਰ  ਬਹੁਤ ਘੁਟਣ ਮਹਿਸੂਸ ਹੁੰਦੀ ਤੇਰੀਆਂ ਬਣਾਈਆਂ ਸੀਮਾਵਾਂ ਵਿਚ  ਪਰ ਅੱਜ ਸਮਝ ਰਿਹਾਂ ਤੇਰੀ ਭਲਾਈ ਤੇਰੀ ਗੈਰਹਾਜ਼ਰੀ ਵਿਚ ਹੋਣ ਵਾਲੀ ਘੁਟਣ ਨੇ  ਡਰਾ ਦਿੱਤਾ ਸੀ ਮੈਨੂੰ, ਮੇਰੀ ਦੋਸਤ! ਤੂੰ ਮੇਰੀ ਆਤਮਾ ਦਾ ਦੂਸਰਾ ਰੂਪ ਹੈ, ਮੇਰਾ ਆਧਾਰ  ਤੇਰੇ ਬਿਨਾ ਕੀ ਖ਼ੂਬਸੂਰਤੀ, ਕੀ ਪਿਆਰ ਤੇ ਕੀ ਜ਼ਿੰਦਗੀ! ਓਹੀ ਕਰ ਜੋ ਤੂੰ ਚਾਹੁੰਦੀ ਹੈਂ। ~ ਪਣੀਕਕਰ,  ਮਲਿਆਲੀ ਕਵਿਤਾ ਵਿਚ ਆਧੁਨਿਕ ਕਵਿਤਾ ਦਾ ਜਨਕ ਮੰਨਿਆ ਜਾਂਦਾ ਹੈ। ਕੇਰਲ ਸਾਹਿਤ ਅਕਾਦਮੀ ਜੇਤੂ ਮਲਿਆਲੀ ਕਵੀ ਦਾ  ਹਿੰਦੀ ਅਨੁਵਾਦ ਰਤੀ ਸਕਸੈਨਾ ਦੇ ਅਨੁਵਾਦ ਇ